ਕਾਰ ਚੋਰੀ ਦੇ ਕਾਰੇ ਬੰਦ ਕਰੋ
ਜਸਟਿਨ ਟਰੂਡੋ ਅਤੇ ਐੱਨਡੀਪੀ ਦੀ ਸਰਕਾਰ ਦੇ 8 ਸਾਲਾਂ ਦੇ ਕਾਰਜਕਾਲ ਦੌਰਾਨ, ਟੋਰਾਂਟੋ ਵਿੱਚ ਕਾਰਾਂ ਦੀਆਂ ਚੋਰੀਆਂ ਦਾ ਅਪਰਾਧ ਚਾਰ ਗੁਣਾ ਵਧ ਗਿਆ ਹੈ। ਇਹੀ ਹਾਲ ਮਾਂਟਰੀਆਲ ਅਤੇ ਓਟਵਾ ਵਿੱਚ ਹੈ, ਜਿੱਥੇ ਪਿਛਲੇ 8 ਸਾਲਾਂ ਵਿਚ ਚੋਰੀ ਦੀਆਂ ਘਟਾਨਾਵਾਂ ਦੁੱਗਣੀਆਂ ਹੋ ਗਈਆਂ ਹਨ।
ਅੰਕੜਿਆਂ ਅਨੁਸਾਰ ਕੈਨੇਡਾ ਵਿੱਚ 2022 ਵਿੱਚ 1ਲੱਖ ਤੋਂ ਵੱਧ ਕਾਰਾਂ ਚੋਰੀ ਹੋ ਚੁੱਕੀਆਂ ਹਨ। ਇਹ ਕੰਮ ਕੋਈ ਆਮ ਚੋਰ ਨਹੀਂ ਬਲਕਿ ਹਥਿਆਰਬੰਦ ਗੈਂਗ ਕਰ ਰਹੇ ਹਨ।ਜੋ ਕਿ ਹਥਿਆਰ ਦਿਖਾ ਕੇ ਬੜੀ ਆਸਾਨੀ ਨਾਲ ਕੀਮਤੀ ਸਾਮਾਨ ਲੁੱਟ ਲੈਂਦੇ ਹਨ। ਇਹ ਗੈਂਗ ਹਿੰਸਕ ਤੇ ਘਿਨੌਣੇ ਤਰੀਕੇ ਨਾਲ ਚੋਰੀ ਦੀਆਂ ਵਾਰਦਾਤਾਂ ਕਰਦੇ ਹਨ।
ਇਹ ਸਭ ਇਸ ਲਈ ਵਾਪਰ ਰਿਹਾ ਹੈ ਕਿਉਂਕਿ ਅਪਰਾਧੀਆਂ ਨੂੰ ਕਾਨੂੰਨ ਦਾ ਖ਼ੌਫ਼ ਨਹੀਂ ਰਿਹਾ।
ਜਸਟਿਨ ਟਰੂਡੋ ਨੇ ਵਾਰ-ਵਾਰ ਅਪਰਾਧ ਕਰਨ ਵਾਲੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਥਾਂ ਛੱਡਣ ਦੀਆਂ ਨੀਤੀਆਂ ਬਣਾ ਦਿੱਤੀਆਂ। ਲਾਜ਼ਮੀ ਘੱਟੋ-ਘੱਟ ਜੇਲ੍ਹ ਦੀਆਂ ਸਜ਼ਾਵਾਂ ਨੂੰ ਰੱਦ ਕਰ ਦਿੱਤਾ। ਹਾਲ ਇਹ ਹੈ ਕਿ ਸੰਘੀ ਬੰਦਰਗਾਹਾਂ ਦੀ ਨਿਗਰਾਨੀ ਨਾ ਹੋਣ ਕਰਕੇ ਕਾਰ ਚੋਰਾਂ ਦੇ ਹੌਸਲੇ ਬੁਲੰਦ ਹਨ, ਜਿਸ ਦਾ ਨਤੀਜਾ ਆਮ ਲੋਕ ਭੁਗਤ ਰਹੇ ਹਨ।
ਇਸ ਹਾਲਾਤ ਵਿੱਚ ਪੀਅੇਰ ਪੌਲੀਐਵ ਅਤੇ ਕਾਮਨ ਸੈਂਸ ਕੌਂਜ਼ਰਵੇਟਿਵ ਖ਼ਤਰਨਾਕ ਕਾਰ ਚੋਰੀ ਦੇ ਜੁਰਮ ‘ਤੇ ਬਰੇਕ ਲਗਾ ਦੇਣ ਦਾ ਸੰਕਲਪ ਲੈਂਦੇ ਹਨ। ਕਾਰ ਚੋਰੀ ਦੇ ਅਪਰਾਧੀਆਂ ਨੂੰ ਜ਼ਮਾਨਤ ਦੀ ਥਾਂ ਜੇਲ੍ਹ ਕੀਤੀ ਜਾਵੇਗੀ। ਵਾਰ-ਵਾਰ ਅਪਰਾਧ ਕਰਨ ਵਾਲੇ ਅਪਰਾਧੀਆਂ ਨੂੰ ਸਜ਼ਾਵਾਂ ਨਿਸ਼ਚਿਤ ਕੀਤੀਆਂ ਜਾਣਗੀਆਂ। ਚੋਰਾਂ ਨੂੰ ਫੜਨ ਲਈ ਤਕਨੀਕੀ ਸਾਧਨ ਵਧਾਏ ਜਾਣਗੇ। ਚੋਰੀ ਕੀਤੀਆਂ ਕਾਰਾਂ ਦੇ ਨਿਰਯਾਤ ਨੂੰ ਰੋਕਣ ਲਈ ਸਾਡੇ ਸੰਘੀ ਬੰਦਰਗਾਹਾਂ ‘ਤੇ ਉਚ ਪੱਧਰੀ ਤਕਨੀਕੀ ਸਾਧਨ ਮੁਹੱਈਆ ਕਰਵਾਏ ਜਾਣਗੇ। ਇਸ ਨਾਲ ਕੈਨੇਡਾ ਤੋਂ ਚੋਰੀ ਹੋਈਆਂ ਕਾਰਾਂ ਦੂਜੇ ਦੇਸ਼ਾਂ ਵਿਚ ਨਹੀਂ ਜਾ ਸਕਣਗੀਆਂ